ਸਟਾਫ ਰਿਪੋਰਟਰ, ਖੰਨਾ : ਪੁਲਿਸ ਵੱਲੋਂ ਕੈਨੇਡਾ ਭੇਜਣ ਦੇ ਨਾਂ ‘ਤੇ 16 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ ਪਿਤਾ ਪੁੱਤਰ ਸਮੇਤ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਪ੍ਰਵੀਨ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਪਿੰਡ ਬਹਾਦਰਕੇ, ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਉਸ ਦੇ ਲੜਕੇ ਪ੍ਰਭਦੀਪ ਸਿੰਘ ਨੂੰ ਕੈਨੇਡਾ ਦਾ ਵਰਕ ਪਰਮਿਟ ਵੀਜਾ ਲਗਵਾਉਣ ਲਈ ਗੁਰਤਿੰਦਰ ਸਿੰਘ, ਹਰਦੀਪ ਸਿੰਘ ਵਾਲੀਆ ਤੇ ਗੁਰਦੀਪ ਸਿੰਘ ਵਾਸੀ ਖੰਨਾ ਨਾਲ ਗੱਲ ਹੋਈ ਸੀ। ਇਸ ਲਈ ਮੁਲਜ਼ਮਾਂ ਨੇ ਉਸ ਤੋਂ 16 ਲੱਖ ਰੁਪਏ ਲਏ। ਪਰ ਹੁਣ ਤਕ ਨਾ ਹੀ ਉਸ ਦੇ ਲੜਕੇ ਨੂੰ ਬਾਹਰ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਮੁਲਜ਼ਮਾਂ ਨੇ 16 ਲੱਖ ਰੁਪਏ ਲੈ ਕੇ ਉਸ ਨਾਲ ਧੋਖਾਧੜੀ ਕੀਤੀ ਹੈ।
