ਲੁਧਿਆਣਾ
‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕੰਮ ਕਰਦੇ ਹੋਏ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਅਤੇ ਡਿਪਟੀ ਕਮਿਸ਼ਨਰ (ਡੀ.ਸੀ.) ਜਤਿੰਦਰ ਜੋਰਵਾਲ ਨੇ ਸ਼ੁੱਕਰਵਾਰ ਨੂੰ ਸਲੇਮ ਟਾਬਰੀ ਇਲਾਕੇ ਵਿੱਚ ਲਗਾਏ ਕੈਂਪ ਦੌਰਾਨ ਸ਼ਹਿਰ ਵਾਸੀਆਂ ਨੂੰ ਹਰਿਤ-ਪੰਜਾਬ ਸਿਟੀ ਕੰਪੋਸਟ ਮੁਫ਼ਤ ਵੰਡੀ।
‘ਸਵੱਛਤਾ ਹੀ ਸੇਵਾ’ ਮੁਹਿੰਮ ਨਗਰ ਨਿਗਮ ਲੁਧਿਆਣਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸ਼ਹਿਰ ਵਾਸੀਆਂ ਵਿੱਚ ਸਫਾਈ ਨੂੰ ਉਤਸ਼ਾਹਿਤ ਕਰਨ ਅਤੇ ਕੂੜੇ ਨੂੰ ਘਟਾਉਣ, ਮੁੜ ਵਰਤੋਂ ਅਤੇ ਰੀਸਾਈਕਲ ਕਰਨ ਲਈ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ 2 ਅਕਤੂਬਰ (ਸਵੱਛ ਭਾਰਤ ਦਿਵਸ) ਤੱਕ ਜਾਰੀ ਰਹੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਹਰਿਤ-ਪੰਜਾਬ ਸਿਟੀ ਕੰਪੋਸਟ ਨਗਰ ਨਿਗਮ ਵੱਲੋਂ ਗਿੱਲੇ ਕੂੜੇ ਤੋਂ ਬਣਾਈ ਗਈ ਖਾਦ ਹੈ ਅਤੇ ਇਹ ਖਾਦ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਗਏ ਕੈਂਪਾਂ ਦੌਰਾਨ ਸ਼ਹਿਰ ਵਾਸੀਆਂ ਵਿੱਚ ਮੁਫਤ ਵੰਡੀ ਗਈ। ਇਹ ਕੈਂਪ ਸਲੇਮ ਟਾਬਰੀ ਇਲਾਕੇ, ਜਲੰਧਰ ਬਾਈਪਾਸ, ਨਹਿਰੂ ਰੋਜ਼ ਗਾਰਡਨ, ਸੈਕਟਰ 32 ਚੰਡੀਗੜ੍ਹ ਰੋਡ ‘ਤੇ ਲਗਾਏ ਗਏ ਸਨ। ਇਸ ਦਾ ਉਦੇਸ਼ ਨਿਵਾਸੀਆਂ ਨੂੰ ਗਿੱਲੇ ਘਰੇਲੂ ਕੂੜੇ (ਰਸੋਈ ਦੇ ਕੂੜੇ) ਤੋਂ ਖਾਦ ਬਣਾਉਣ ਲਈ ਉਤਸ਼ਾਹਿਤ ਕਰਨਾ ਸੀ।
ਵਿਧਾਇਕ ਬੱਗਾ ਅਤੇ ਡੀ.ਸੀ ਜੋਰਵਾਲ ਨੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧਨ ਵਿੱਚ ਸੁਧਾਰ ਕਰਨ ਲਈ ਅਧਿਕਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਗਿੱਲੇ ਘਰੇਲੂ ਕੂੜੇ ਤੋਂ ਖਾਦ ਬਣਾਉਣ ਅਤੇ ਆਪਣੇ-ਆਪਣੇ ਘਰਾਂ ਵਿੱਚ ਕੂੜੇ ਨੂੰ ਘਟਾਉਣ, ਮੁੜ ਵਰਤੋਂ ਅਤੇ ਰੀਸਾਈਕਲ ਕਰਨ ਦੀ ਕੋਸ਼ਿਸ਼ ਕਰਨ।
