8 ਬੈਟਰੀਆਂ, ਬਿਜਲੀ ਦੀਆਂ ਤਾਰਾਂ ਅਤੇ ਏ.ਸੀ. ਦਾ ਸਾਮਾਨ ਚੋਰੀ; 100 ਤੋਂ ਵੱਧ ਬਿਨੈਕਾਰਾਂ ਨੂੰ ਬਿਨਾਂ ਟੈਸਟ ਦਿੱਤੇ ਪਰਤਣਾ ਪਿਆ
ਲੁਧਿਆਣਾ, 25 ਨਵੰਬਰ: ਲੁਧਿਆਣਾ ਦੇ ਰੋਜ਼ ਗਾਰਡਨ ਨੇੜੇ ਸਥਿਤ ਆਟੋਮੈਟਿਕ ਡਰਾਈਵਿੰਗ ਟੈਸਟ ਸੈਂਟਰ ਵਿੱਚ ਹੋਈ ਚੋਰੀ ਨੇ ਸਰਕਾਰੀ ਸੰਸਥਾਵਾਂ ਦੀ ਸੁਰੱਖਿਆ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਹਿੰਦੁਸਤਾਨ ਟਾਈਮਜ਼ ਦੀ 23 ਨਵੰਬਰ ਨੂੰ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਚੋਰਾਂ ਵੱਲੋਂ ਰਾਤ ਸਮੇਂ ਸੈਂਟਰ ਵਿੱਚੋਂ 8 ਬੈਟਰੀਆਂ, ਬਿਜਲੀ ਦੀਆਂ ਤਾਰਾਂ, ਸਵਿੱਚ ਅਤੇ ਏ.ਸੀ. ਸਿਸਟਮ ਨਾਲ ਸਬੰਧਤ ਸਾਮਾਨ ਚੋਰੀ ਕਰ ਲਿਆ ਗਿਆ।
ਇਸ ਘਟਨਾ ਕਾਰਨ ਡਰਾਈਵਿੰਗ ਟੈਸਟ ਸੈਂਟਰ ਦਾ ਕੰਮਕਾਜ ਪ੍ਰਭਾਵਿਤ ਹੋਇਆ ਅਤੇ 100 ਤੋਂ ਵੱਧ ਬਿਨੈਕਾਰਾਂ ਨੂੰ ਬਿਨਾਂ ਟੈਸਟ ਦਿੱਤੇ ਵਾਪਸ ਪਰਤਣਾ ਪਿਆ। ਰਿਪੋਰਟ ਅਨੁਸਾਰ ਇਹ ਪਿਛਲੇ ਇੱਕ ਮਹੀਨੇ ਦੌਰਾਨ ਅਜਿਹੇ ਸਰਕਾਰੀ ਟੈਸਟ ਸੈਂਟਰ ਵਿੱਚ ਚੋਰੀ ਦੀ ਦੂਜੀ ਘਟਨਾ ਹੈ।
ਸੁਰੱਖਿਆ ਪ੍ਰਬੰਧਾਂ ਦੀ ਘਾਟ ਜਾਂ ਅਧਿਕਾਰੀਆਂ ਦੀ ਲਾਪਰਵਾਹੀ?
ਰਿਪੋਰਟ ਵਿੱਚ ਸੈਂਟਰ ਦੇ ਇੰਚਾਰਜ ਅਮਰਦੀਪ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਰਾਤ ਸਮੇਂ ਸੈਂਟਰ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਇਸ ਤੋਂ ਇਲਾਵਾ ਸੈਂਟਰ ਦੀ ਚਾਰਦੀਵਾਰੀ ਵੀ ਲੰਬੇ ਸਮੇਂ ਤੋਂ ਖ਼ਰਾਬ ਹੋਣ ਕਾਰਨ ਬਾਹਰੀ ਵਿਅਕਤੀਆਂ ਦੇ ਅੰਦਰ ਦਾਖ਼ਲ ਹੋਣ ਦਾ ਖ਼ਤਰਾ ਬਣਿਆ ਹੋਇਆ ਸੀ।
ਸਭ ਤੋਂ ਵੱਡਾ ਸਵਾਲ: ਕਿਤੇ ਰਿਕਾਰਡ ਖੁਰਦ-ਬੁਰਦ ਕਰਨ ਦੀ ਸਾਜ਼ਿਸ਼ ਤਾਂ ਨਹੀਂ?
ਇਸ ਚੋਰੀ ਨੂੰ ਸਿਰਫ਼ ਬੈਟਰੀਆਂ, ਤਾਰਾਂ ਅਤੇ ਬਿਜਲੀ ਦੇ ਸਾਮਾਨ ਦੀ ਚੋਰੀ ਤੱਕ ਹੀ ਸੀਮਤ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ। ਪ੍ਰਸ਼ਾਸਨ ਅਤੇ ਪੁਲਿਸ ਨੂੰ ਇਹ ਵੀ ਜਾਂਚਣਾ ਚਾਹੀਦਾ ਹੈ ਕਿ ਕੀ ਇਸ ਘਟਨਾ ਦੌਰਾਨ ਡਰਾਈਵਿੰਗ ਟੈਸਟ ਸੈਂਟਰ ਦੇ ਕੰਪਿਊਟਰਾਂ, ਸੀ.ਸੀ.ਟੀ.ਵੀ. ਫੁਟੇਜ, ਡਾਟਾ ਅਤੇ ਸਰਕਾਰੀ ਰਿਕਾਰਡ ਨਾਲ ਵੀ ਕੋਈ ਛੇੜਛਾੜ ਹੋਈ ਹੈ?
ਕੀ ਇਹ ਸਿਰਫ਼ ਆਮ ਚੋਰੀ ਦੀ ਘਟਨਾ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਮਨਸ਼ਾ ਵੀ ਹੋ ਸਕਦੀ ਹੈ? ਇਹ ਇੱਕ ਗੰਭੀਰ ਸਵਾਲ ਹੈ, ਜਿਸ ਦੀ ਨਿਰਪੱਖ ਜਾਂਚ ਹੋਣੀ ਲਾਜ਼ਮੀ ਹੈ। ਫਿਲਹਾਲ ਰਿਕਾਰਡ ਖੁਰਦ-ਬੁਰਦ ਹੋਣ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ।
ਪੁਲਿਸ ਕਾਰਵਾਈ ਅਤੇ ਪ੍ਰਸ਼ਾਸਨ ਦੀ ਜਵਾਬਦੇਹੀ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਡਿਵੀਜ਼ਨ ਨੰਬਰ 8 ਦੇ ਐੱਸ.ਐੱਚ.ਓ. ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਸੀ ਕਿ ਐੱਫ.ਆਈ.ਆਰ. ਦਰਜ ਕਰਨ ਲਈ ਰਸਮੀ ਸ਼ਿਕਾਇਤ ਦੀ ਉਡੀਕ ਕੀਤੀ ਜਾ ਰਹੀ ਹੈ। ਖੇਤਰੀ ਟਰਾਂਸਪੋਰਟ ਅਫ਼ਸਰ ਮਾਨਕੰਵਲ ਸਿੰਘ ਚਾਹਲ ਅਨੁਸਾਰ ਸੈਂਟਰ ਦੇ ਬੁਨਿਆਦੀ ਢਾਂਚੇ ਦੀ ਮੁਰੰਮਤ ਲਈ 1.5 ਕਰੋੜ ਰੁਪਏ ਦਾ ਅੰਦਾਜ਼ਾ ਲੋਕ ਨਿਰਮਾਣ ਵਿਭਾਗ ਨੂੰ ਭੇਜਿਆ ਗਿਆ ਹੈ।
