ਸੁਨੀਲ ਜਾਖੜ ਪੰਜਾਬ ਵਿਚ ਕਾਂਗਰਸ ਅਤੇ ਭਾਜਪਾ ਦੀਆਂ ਸੂਬਾ ਇਕਾਈਆਂ ਦੀ ਅਗਵਾਈ ਕਰਨ ਵਾਲੇ ਇਕਲੌਤੇ ਸਿਆਸਤਦਾਨ ਹਨ। ਹਾਲ ਹੀ ਵਿੱਚ ਭਾਜਪਾ ਵਿੱਚ, ਉਹ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣ ਦੀ ਚਰਚਾ ਕਰਕੇ ਇੱਕ ਬੁਝਾਰਤ ਬਣ ਗਏ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਕੇਂਦਰੀ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੁਝ ਸੂਬਾਈ ਭਾਜਪਾ ਮੀਟਿੰਗਾਂ ਵਿੱਚ ਸਪੱਸ਼ਟ ਤੌਰ ‘ਤੇ ਬੋਲਣ ਤੋਂ ਬਾਅਦ, ਜਾਖੜ ਪਾਰਟੀ ਮੀਟਿੰਗਾਂ ਤੋਂ ਦੂਰ ਰਹੇ ਹਨ ਤੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ।ਜਦਕਿ ਭਾਜਪਾ ਆਗੂ ਅਸਤੀਫ਼ੇ ਦੀਆਂ ਖਬਰਾਂ ਦਾ ਖੰਡਨ ਕਰ ਰਹੇ ਹਨ ।ਪਰ ਜਾਖੜ ਆਪਣੇ ਸਟੈਂਡ ਉਪਰ ਕਾਇਮ ਹਨ ।
ਚਰਚੇ ਇਹ ਵੀ ਹਨ ਕਿ ਜਾਖੜ ਭਾਜਪਾ ਦੀ ਕੌਮੀ ਸਰਕਾਰ ਦੀ ਪੰਜਾਬ ਪ੍ਰਤੀ ਸੋਚ ਤੇ ਨੀਤੀਆਂ ਕਾਰਨ ਵੀ ਨਿਰਾਸ਼ ਹਨ। ਸੁਨੀਲ ਜਾਖੜ ਜਿਨ੍ਹਾਂ ਦਾ ਪਰਿਵਾਰ ਉੱਤਰੀ ਭਾਰਤ ਵਿਚ ਕਿਸਾਨ ਹਿੱਤਾਂ ਦੇ ਰਖਵਾਲਿਆਂ ਵਜੋਂ ਜਾਣਿਆ ਜਾਂਦਾ ਰਿਹਾ ਹੈ ਤੇ ਜਾਖੜ ਦੀ ਧਰਮ ਨਿਰਪੱਖ ਸੋਚ ਕਾਰਨ ਉਨ੍ਹਾਂ ਨੂੰ ਸਿੱਖਾਂ ਤੇ ਦੂਜੇ ਧਰਮਾਂ ਤੋਂ ਵੀ ਪੂਰਾ ਸਤਿਕਾਰ ਮਿਲਦਾ ਰਿਹਾ ਪਰ ਸਮਝਿਆ ਜਾਂਦਾ ਹੈ ਕਿ ਭਾਜਪਾ ਵਿਚ ਸ਼ਾਮਿਲ ਹੋ ਅਤੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਭਾਜਪਾ ਦੀ ਕਿਸਾਨਾਂ ਨਾਲ ਟਕਰਾਅ ਵਾਲੀ ਨੀਤੀ ਅਤੇ ਸਿੱਖ ਮਸਲਿਆਂ ਨੂੰ ਹੱਲ ਕਰਨ ਸੰਬੰਧੀ ਨਾਂਹਪੱਖੀ ਰਵੱਈਏ ਕਾਰਨ ਉਹ ਲਗਾਤਾਰ ਘੁੱਟਣ ਮਹਿਸੂਸ ਕਰ ਰਹੇ ਸਨ ।ਚਾਲੂ ਸਾਲ ਦੌਰਾਨ ਫ਼ਰਵਰੀ ਦੇ ਮਹੀਨੇ ਦੌਰਾਨ ਭਾਰਤ ਸਰਕਾਰ ਵਲੋਂ ਸੂਬੇ ਦੇ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਮੁੱਖ ਮੰਤਰੀ ਭਗਵੰਤ ਮਾਨ ਰਾਹੀਂ ਜੋ ਕੋਸ਼ਿਸ਼ ਕੀਤੀ ਗਈ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਵਿਚ 3 ਕੇਂਦਰੀ ਮੰਤਰੀਆਂ ਨੂੰ ਕਿਸਾਨਾਂ ਨਾਲ ਗੱਲਬਾਤ ਲਈ ਚੰਡੀਗੜ੍ਹ ਵੀ ਭੇਜਿਆ ਗਿਆ ਪਰ ਇਸ ਮੌਕੇ ਜਿਵੇਂ ਜਾਖੜ ਅਤੇ ਪ੍ਰਦੇਸ਼ ਭਾਜਪਾ ਨੂੰ ਇਸ ਸਾਰੀ ਗੱਲਬਾਤ ਤੋਂ ਬੇਖ਼ਬਰ ਤੇ ਦੂਰ ਰੱਖਿਆ ਗਿਆ ਉਸ ਨੂੰ ਜਾਖੜ ਦੀ ਨਾਖੁਸ਼ੀ ਦੀ ਸ਼ੁਰੂਆਤ ਸਮਝਿਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਇਹ ਮਾਮਲਾ ਕੇਂਦਰ ਨਾਲ ਉਠਾਇਆ ਵੀ ਗਿਆ ਸੀ ।ਹਾਲਾਂਕਿ ਸੰਸਦੀ ਚੋਣਾਂ ਦੌਰਾਨ ਕਈ ਟਿਕਟਾਂ ਦੀ ਵੰਡ ਅਤੇ ਉਸ ਤੋਂ ਬਾਅਦ ਪੰਜਾਬ ਤੋਂ ਮੰਤਰੀ ਦੀ ਚੋਣ ਦੇ ਫ਼ੈਸਲੇ ਲਈ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ, ਪ੍ਰੰਤੂ ਪਤਾ ਲੱਗਾ ਹੈ ਕਿ ਜਾਖੜ ਵਲੋਂ ਬੀਤੇ ਦਿਨੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਦੌਰਾਨ ਉਨ੍ਹਾਂ ਨੂੰ ਸਪਸ਼ਟ ਕੀਤਾ ਗਿਆ ਕਿ ਪਾਰਟੀ ਨੂੰ ਕਿਸਾਨੀ ਅਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ ਅਤੇ ਇਨ੍ਹਾਂ ਦੇ ਹੱਲ ਤੋਂ ਬਿਨਾਂ ਪਾਰਟੀ ਪੰਜਾਬ ਵਿਚ ਮਜ਼ਬੂਤੀ ਵੱਲ ਅੱਗੇ ਨਹੀਂ ਵੱਧ ਸਕਦੀ ।
ਸੂਚਨਾ ਅਨੁਸਾਰ ਉਨ੍ਹਾਂ ਪੰਜਾਬ ਵਿਚਲੀ ਕਿਸਾਨੀ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਵਿਚਲੇ ਰੋਸ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਭਾਜਪਾ ਨੂੰ ਪੰਜਾਬ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਜਿਨ੍ਹਾਂ ਕਾਰਨ ਪੰਜਾਬੀਆਂ ਤੇ ਖ਼ਾਸ ਕਰ ਇਕ ਫਿਰਕੇ ਵਿਚ ਤਿੱਖਾ ਰੋਸ ਹੈ, ਦੇ ਪੱਕੇ ਹੱਲ ਵੱਲ ਅੱਗੇ ਵੱਧਣਾ ਚਾਹੀਦਾ ਹੈ | ਪੰਜਾਬ ਦੀ ਕਿਸਾਨੀ ਉੱਪਰ ਹਰਿਆਣਾ ਵਿਚਲੀ ਭਾਜਪਾ ਸਰਕਾਰ ਵਲੋਂ ਹੋਏ ਅੱਤਿਆਚਾਰ ਅਤੇ ਹਰਿਆਣਾ ਸਰਕਾਰ ਵਲੋਂ ਵਾਰ-ਵਾਰ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਦਾ ਮਾਮਲਾ ਵੀ ਉਠਾਇਆ ਤੇ ਕਿਹਾ ਕਿ ਬੇਅਦਬੀਆਂ ਦਾ ਮੁੱਦਾ ਪੰਜਾਬੀਆਂ ਲਈ ਅਤਿ ਮਹੱਤਵਪੂਰਨ ਹੈ ਜਿਸ ਨੇ ਕਈ ਸਰਕਾਰਾਂ ਉਲਟਾਈਆਂ ਹਨ, ਲੇਕਿਨ ਇਸ ਸੰਬੰਧੀ ਇਨਸਾਫ਼ ਵਿਚ ਦੇਰੀ ਲੋਕਾਂ ਵਿਚ ਬੇਚੈਨੀ ਵਧਾ ਰਹੀ ਹੈ । ਉਨ੍ਹਾਂ ਪਹਿਲਾਂ ਬੰਦੀ ਸਿੱਖਾਂ ਦੇ ਮੁੱਦੇ ‘ਤੇ ਸਰਕਾਰ ਵਲੋਂ ਦਿੱਤੇ ਭਰੋਸੇ ਦੀ ਗੱਲ ਵੀ ਕੀਤੀ।ਸੂਚਨਾ ਅਨੁਸਾਰ ਜਾਖੜ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਕੇ ਸੂਬੇ ਨੂੰ ਕੋਈ ਨਵਾਂ ਚਿਹਰਾ ਦਿੱਤਾ ਜਾਵੇ, ਕਿਉਂਕਿ ਉਹ ਮੌਜੂਦਾ ਅਹੁਦੇ ‘ਤੇ ਹੋਰ ਕੰਮ ਨਹੀਂ ਕਰਨਾ ਚਾਹੁੰਦੇ ।
ਜਾਖੜ ਦੇ ਸਟੈਂਡ ਦੀ ਕਾਂਗਰਸ ਤੇ ਸ੍ਰੋਮਣੀ ਅਕਾਲੀ ਦਲ ਨੇ ਵੀ ਤਾਰੀਫ਼ ਕੀਤੀ ਹੈ।ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ, ਭਾਵੇਂ ਅਸੀਂ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਨਾਲ ਸਬੰਧ ਰੱਖਦੇ ਹਾਂ ਪਰ ਮੈਂ ਸੁਨੀਲ ਜਾਖੜ ਵੱਲੋਂ ਲਏ ਗਏ ਦਲੇਰ ਸਟੈਂਡ ਦੀ ਸ਼ਲਾਘਾ ਕਰਦਾ ਹਾਂ ਜਿਸ ਵਿੱਚ ਉਹ ਭਾਜਪਾ ਨੂੰ ਸਲਾਹ ਦੇ ਰਹੇ ਹਨ ਕਿ ਪੰਜਾਬ ਦੇ ਭਖਦੇ ਮਸਲਿਆਂ ਪ੍ਰਤੀ ਵਧੇਰੇ ਸਕਾਰਾਤਮਕ ਹੋਣ ਦੀ ਲੋੜ ਹੈ, ਚਾਹੇ ਕਿਸਾਨ ਅੰਦੋਲਨ ਹੋਵੇ ਜਾਂ ਡੇਰਾ ਸੱਚਾ ਸੌਦਾ ਦਾ ਸਿਆਸੀਕਰਨ ਆਦਿ, ਸੂਬੇ ਦੇ ਲੋਕਾਂ ਲਈ ਪਾਰਟੀ ਹਾਈਕਮਾਂਡ ਅੱਗੇ ਖੜ੍ਹੇ ਹੋਣ ਲਈ ਵੀ ਹਿੰਮਤ ਤੇ ਸਿਆਸੀ ਇੱਛਾ ਦੀ ਲੋੜ ਹੁੰਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ, ਜਾਖੜ ਨਾਲ ਸਾਡੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਮੈਂ ਪੰਜਾਬ ਦੇ ਹਿੱਤ ਵਿੱਚ ਇਹ ਦਲੇਰੀ ਭਰਿਆ ਸਟੈਂਡ ਲੈਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਅਸਤੀਫਾ ਬੇਸ਼ੱਕ ਪਾਰਟੀ ਨੇ ਅਜੇ ਮਨਜ਼ੂਰ ਨਾ ਕੀਤਾ ਹੋਵੇ ਪਰ ਪਾਰਟੀ ਨੇ ਨਵੇਂ ਪ੍ਰਧਾਨ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੂਬੇ ਵਿੱਚ ਹੋਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਨੂੰ ਲੈਕੇ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨੇ ਜ਼ਿਮਨੀ ਚੋਣ ਵਾਲੇ ਹਲਕਿਆਂ ਵਿੱਚ ਸਹਿ-ਇੰਚਾਰਜਾਂ ਦੇ ਨਾਲ-ਨਾਲ ਉਨ੍ਹਾਂ ਅਧੀਨ 18 ਡਿਵੀਜ਼ਨਾਂ ਦੇ ਕੋਆਰਡੀਨੇਟਰ ਅਤੇ ਕੋਆਰਡੀਨੇਟਰ ਦੀਆਂ ਟੀਮਾਂ ਦਾ ਗਠਨ ਕੀਤਾ ਹੈ।
ਗਿੱਦੜਬਾਹਾ ਵਿਧਾਨ ਸਭਾ ਦੇ ਇੰਚਾਰਜ ਦੀ ਜ਼ਿੰਮੇਵਾਰੀ ਸਾਬਕਾ ਪੰਜਾਬ ਬੀਜੇਪੀ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੂੰ ਸੌਂਪੀ ਗਈ ਹੈ। ਉਨ੍ਹਾਂ ਦੇ ਨਾਲ ਸਹਿ-ਇੰਚਾਰਜ ਦਿਆਲ ਸਿੰਘ ਸੋਢੀ ਹੋਣਗੇ। ਬਰਨਾਲਾ ਵਿਧਾਨ ਸਭਾ ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਅਤੇ ਸਹਿ ਇੰਚਾਰਜ ਜਗਮੋਹਨ ਸਿੰਘ ਰਾਜੂ ਨੂੰ ਬਣਾਇਆ ਗਿਆ ਹੈ।
ਚੱਬੇਵਾਲ ਵਿਧਾਨ ਸਭਾ ਦੇ ਇੰਚਾਰਜ ਸਾਬਕਾ ਰਾਜਸਭਾ ਮੈਂਬਰ ਸ਼ਵੇਤ ਮਲਿਕ ਅਤੇ ਹਲਕਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਦੇ ਕੋ-ਇੰਚਾਰਜ ਪਰਮਿੰਦਰ ਬਰਾੜ ਅਤੇ ਕੋ-ਇੰਚਾਰਜ ਰਾਕੇਸ਼ ਰਾਠੌੜ ਹੋਣਗੇ। ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਅਨਿਲ ਸਰੀਨ ਵਿਧਾਨ ਸਭਾ ਉਪ ਚੋਣਾਂ ਵਿਚ ਮੀਡੀਆ, ਸੋਸ਼ਲ ਮੀਡੀਆ, ਆਈ.ਟੀ ਅਤੇ ਹੋਰ ਪ੍ਰਸ਼ਾਸਨਿਕ ਕੰਮਾਂ ਦੇ ਇੰਚਾਰਜ ਹੋਣਗੇ।
ਚਰਚਾ ਇਹ ਵੀ ਹੈ ਕਿ ਭਾਜਪਾ ਦੀ ਪੰਜਾਬ ਵਿਚ ਮੈਂਬਰਸ਼ਿਪ ਮੁਹਿੰਮ ਧੜੇਬੰਦੀ ਦਾ ਸ਼ਿਕਾਰ ਹੈ ਤੇ ਉਸ ਦੀਆਂ ਪੰਜਾਬ ਵਿਚ ਜੜਾਂ ਨਹੀਂ ਲੱਗ ਰਹੀਆਂ, ਜਿਸਦਾ ਉਹ ਦਾਅਵਾ ਕਰਦੀ ਸੀ। ਪਾਰਟੀ ਦੇ ਟਕਸਾਲੀ ਤੇ ਪੁਰਾਣੇ ਮੈਂਬਰ ਵੀ ਪਾਰਟੀ ਵਿਚ ਦੂਜੀਆਂ ਪਾਰਟੀਆਂ ਵਿਚੋਂ ਥੋਕ ਦੇ ਭਾਅ ਸ਼ਾਮਲ ਕੀਤੇ ਆਗੂਆਂ ਕਾਰਨ ਬਹੁਤ ਦਿਲਚਸਪੀ ਨਹੀਂ ਦਿਖਾ ਰਹੇ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਪੰਜਾਬ ਵਿਚ ਕਰੀਬ ਚਾਰ ਲੱਖ ਮੈਂਬਰ ਹੀ ਭਰਤੀ ਹੋਏ ਹਨ। ਜਦਕਿ ਸਾਲ 2014 ਵਿਚ ਭਾਜਪਾ ਦੀ ਸੂਬੇ ਵਿਚ 23 ਲੱਖ ਦੇ ਕਰੀਬ ਮੈਂਬਰਸ਼ਿਪ ਸੀ।ਭਾਵੇ ਕਿ ਪਾਰਟੀ ਹਾਈਕਮਾਨ ਨੇ ਪੰਚਾਇਤ ਚੋਣਾਂ ਦਾ ਹਵਾਲਾ ਦਿੰਦਿਆਂ ਮੈਂਬਰਸ਼ਿਪ ਮੁਹਿੰਮ 15 ਅਕਤੂਬਰ ਤੱਕ ਰੋਕ ਦਿੱਤੀ ਹੈ, ਪਰ ਚਰਚਾ ਹੈ ਕਿ ਪਾਰਟੀ ਵਿਚ ਚੱਲ ਰਹੀ ਧੜੇਬੰਦੀ ਕਾਰਨ ਪਾਰਟੀ ਹਾਈਕਮਾਨ ਡਾਢੀ ਪਰੇਸ਼ਾਨ ਹੈ। ਪਿਛਲੇ ਦਿਨ ਪਾਰਟੀ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਕੇ ਘੱਟ ਮੈਂਬਰਸ਼ਿਪ ਹੋਣ ਅਤੇ ਗੁੱਟਬਾਜ਼ੀ ਹੋਣ ਕਰਕੇ ਸੂਬਾਈ ਆਗੂਆਂ ਦੀ ਚੰਗੀ ਕਲਾਸ ਲਾਈ ਸੀ।
ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਭਾਜਪਾ ਨੇ 18.57 ਫੀਸਦੀ ਵੋਟ ਸ਼ੇਅਰ ਲੈ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਅਤੇ ਪਾਰਟੀ ਹਾਈਕਮਾਨ ਨੂੰ ਉਮੀਦ ਸੀ ਕਿ ਇਸ ਵਾਰ ਮੈਂਬਰਸ਼ਿਪ ਮੁਹਿੰਮ ਪਿਛਲਾ ਰਿਕਾਰਡ ਤੋੜ ਦੇਵੇਗੀ। ਪਰ ਨਵੇਂ ਅਤੇ ਪੁਰਾਣੇ ਆਗੂਆਂ ਵਿਚ ਤਾਲਮੇਲ ਨਾ ਬੈਠਣ ਕਾਰਨ ਮੈਂਬਰਸ਼ਿਪ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ। ਸਾਲ 2014 ਵਿਚ ਮੈਂਬਰਸ਼ਿਪ ਮੁਹਿੰਮ ਦੀ ਕਮਾਨ ਤਤਕਾਲੀ ਮਰਹੂਮ ਪ੍ਰਧਾਨ ਕਮਲ ਸ਼ਰਮਾ ਦੇ ਹੱਥਾਂ ਵਿੱਚ ਸੀ। ਉਸ ਵਕਤ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਸੀ ਅਤੇ ਭਾਜਪਾ 23 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਦੀ ਹੁੰਦੀ ਸੀ। ਇਹ ਲਗਪਗ ਸ਼ਹਿਰੀ ਸੀਟਾਂ ਹੁੰਦੀਆਂ ਸਨ। ਉਸ ਵਕਤ ਭਾਜਪਾ ਨੇ 23 ਲੱਖ ਮੈਂਬਰ ਬਣਾਏ ਸਨ।
ਪਤਾ ਲੱਗਿਆ ਹੈ ਕਿ ਭਾਜਪਾ ਨੇ ਹਰੇਕ ਬੂਥ ‘ਤੇ 200 ਮੈਂਬਰ ਬਣਾਉਣ ਦਾ ਟੀਚਾ ਰੱਖਿਆ ਸੀ। ਪੰਜਾਬ ਵਿਚ 24,451 ਬੂਥ ਹਨ। ਇਸ ਅਨੁਪਾਤ ਵਿਚ ਭਾਜਪਾ ਦਾ ਟੀਚਾ 48.90 ਲੱਖ ਮੈਂਬਰ ਬਣਾਉਣ ਦਾ ਸੀ ਪਰ ਪਾਰਟੀ ਦੀ ਉਮੀਦ ਮੁਤਾਬਿਕ ਮੈਂਬਰਸ਼ਿਪ ਮੁਹਿੰਮ ਨੇ ਅਸਰ ਨਹੀਂ ਦਿਖਾਇਆ। ਪੰਜਾਬ ਦੇ ਪੇਂਡੂ ਹਲਕਿਆਂ ਵਿਚ ਭਾਜਪਾ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ।
ਨਵੇਂ ਪ੍ਰਧਾਨ ਨੂੰ ਲੈ ਕੇ ਪਾਰਟੀ ਹਾਈਕਮਾਂਡ ਸਾਹਮਣੇ ਦੋ ਵੱਡੇ ਸਵਾਲ ਹਨ। ਪਹਿਲਾ, ਨਵਾਂ ਪ੍ਰਧਾਨ ਪਾਰਟੀ ਕੇਡਰ ਵਿਚੋਂ ਬਣਾਇਆ ਜਾਣਾ ਚਾਹੀਦਾ ਹੈ ਜਾਂ ਕਿਸੇ ਹੋਰ ਪਾਰਟੀ ਦੇ ਵੱਡੇ ਚਿਹਰੇ ਨੂੰ ਅੱਗੇ ਰੱਖਿਆ ਜਾਣਾ ਚਾਹੀਦਾ ਹੈ? ਭਾਜਪਾ ਦੇ ਜਿਹੜੇ ਵੱਡੇ ਚਿਹਰੇ ਸਨ, ਉਹ ਜਾਂ ਤਾਂ ਹੁਣ ਬਜ਼ੁਰਗ ਹੋ ਗਏ ਹਨ ਜਾਂ ਪਾਰਟੀ ਕੇਡਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਸਰਗਰਮ ਰਾਜਨੀਤੀ ਤੋਂ ਦੂਰੀ ਬਣਾ ਚੁੱਕੇ ਗਏ ਹਨ। ਦੂਸਰਾ ਸਵਾਲ ਇਹ ਹੈ ਕਿ ਹਿੰਦੂ ਚਿਹਰਾ ਅੱਗੇ ਰੱਖ ਕੇ ਬਾਜ਼ੀ ਖੇਡੀ ਜਾਵੇ ਜਾਂ ਸਿੱਖ ਚਿਹਰਾ ਅੱਗੇ ਰੱਖਿਆ ਜਾਵੇ।
ਜਦੋਂ ਸੁਨੀਲ ਜਾਖੜ ਨੂੰ ਪ੍ਰਧਾਨਗੀ ਦੀ ਕਮਾਨ ਸੌਂਪੀ ਗਈ ਸੀ, ਉਦੋਂ ਵੀ ਇਹ ਦੋਵੇਂ ਗੱਲਾਂ ਧਿਆਨ ਵਿਚ ਸਨ। ਜਾਖੜ ਵੱਡੇ ਕੱਦ ਦੇ ਨੇਤਾ ਹਨ ਤੇ ਉਹ ਹਿੰਦੂ ਅਤੇ ਕਿਸਾਨੀ ਵਰਗ ਨਾਲ ਸੰਬੰਧਿਤ ਚਿਹਰਾ ਵੀ ਰਹੇ ਹਨ ਤੇ ਸਿਖ ਭਾਈਚਾਰੇ ਦੇ ਵੀ ਨੇੜੇ ਹਨ।
ਪਰ ਹੁਣ ਭਾਜਪਾ ਕੋਲ ਆਪਣਾ ਕੋਈ ਵੱਡਾ ਸਿੱਖ ਚਿਹਰਾ ਨਹੀਂ ਹੈ ਜਿਸ ਦਾ ਪੂਰੇ ਪੰਜਾਬ ਵਿਚ ਆਧਾਰ ਹੋਵੇ। ਅਜਿਹੇ ਵਿਚ ਉਹ ਦੂਸਰੀ ਪਾਰਟੀਆਂ ਤੋਂ ਆਏ ਹੋਏ ਨੇਤਾ ਜ਼ਰੀਏ ਇਹ ਘਾਟ ਪੂਰੀ ਕਰਨੀ ਚਾਹੁੰਦੇ ਹਨ। ਇਸ ਲੜੀ ਵਿਚ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਗੁਰੂਹਰਸਹਾਏ ਦੇ ਸਾਬਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਮਨਪ੍ਰੀਤ ਸਿੰਘ ਬਾਦਲ ਹਨ।ਪਰ ਸਿਖ ਭਾਈਚਾਰੇ ਵਿਚ ਉਨ੍ਹਾਂ ਪ੍ਰਤੀ ਕੋਈ ਵਿਸ਼ਵਾਸ ਨਹੀਂ ਹੈ।ਨਾ ਹੀ ਉਨ੍ਹਾਂ ਦਾ ਸਿਆਸੀ ਕਦ ਕਾਠ ਜਾਖੜ ਵਰਗਾ ਹੈ।
ਪਾਰਟੀ ਵਿਚ ਦੂਸਰਾ ਵਿਚਾਰ ਕਾਡਰ ਤੋਂ ਹੀ ਕਿਸੇ ਆਗੂ ਨੂੰ ਲੈਣ ‘ਤੇ ਵੀ ਚੱਲ ਰਿਹਾ ਹੈ। ਇਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਤੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਸਰਗਰਮ ਹਨ। ਦੋਵੇਂ ਹੀ ਨੇਤਾ ਪਾਰਟੀ ਦੇ ਸੰਗਠਨ ਤੋਂ ਆਉਂਦੇ ਹਨ ਤੇ ਦੋਵਾਂ ਦਾ ਹੀ ਆਰਐੱਸਐੱਸ ਵਿਚ ਵੀ ਚੰਗਾ ਆਧਾਰ ਰਿਹਾ ਹੈ ਪਰ ਪਾਰਟੀ ਦੀ ਅੰਦਰੂਨੀ ਧੜੇਬੰਦੀ ਨੂੰ ਖਤਮ ਕਰਨਾ ਵੀ ਪਾਰਟੀ ਲਈਵੱਡੀ ਸਮੱਸਿਆ ਹੈ।
